BURNING NEWS RAJESH SHARMA
ਸਾਬਕਾ ਮੈਂਬਰ ਪਾਰਲੀਮੈਂਟ ਧਰਮਵੀਰ ਗਾਂਧੀ ਨੇ ਆਮ ਆਦਮੀ ਪਾਰਟੀ ਨੂੰ ਭਾਜਪਾ ਤੋਂ ਵੱਧ ਖਤਰਨਾਕ ਦੱਸਦਿਆਂ ਕਿਹਾ ਕਿ ਅਰਵਿੰਦ ਕੇਜਰੀਵਾਲ ਤੋਂ ਸਮੁੱਚੇ ਪੰਜਾਬੀਆਂ ਨੂੰ ਸੁਚੇਤ ਰਹਿਣ ਦੀ ਲੋਡ਼ ਹੈ। ਪਾਰਟੀ ਦੇ ਬਹੁਤ ਸਾਰੇ ਸੀਨੀਅਰ ਆਗੂਆਂ ਨੂੰ ਉਹ ਬੇਇੱਜ਼ਤ ਕਰ ਚੁੱਕੇ ਹਨ। ਉਨ੍ਹਾਂ ਇਹ ਦੋਸ਼ ਵੀ ਲਾਇਆ ਕਿ ਕੇਜਰੀਵਾਲ ਪੰਜਾਬ ਵਿੱਚ ਹਿੰਦੂ-ਸਿੱਖ ਮਸਲਾ ਖਡ਼੍ਹਾ ਕਰਨਾ ਚਾਹੁੰਦਾ ਹੈ। ਉਹ ਅੱਜ ਇੱਥੇ ਜਲੰਧਰ ਛਾਉਣੀ ਹਲਕੇ ਵਿੱਚ ਕਾਂਗਰਸ ਦੇ ਉਮੀਦਵਾਰ ਪਰਗਟ ਸਿੰਘ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਲਈ ਆਏ ਹੋਏ ਸਨ। ਧਰਮਵੀਰ ਗਾਂਧੀ ਨੇ ਪਰਗਟ ਸਿੰਘ ਨੂੰ ਵੱਡੇ ਫਰਕ ਨਾਲ ਜਿਤਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਵਿਚ ਬਹੁਤ ਘੱਟ ਅਜਿਹੇ ਆਗੂ ਹਨ ਜਿਹਡ਼ੇ ਪੰਜਾਬ ਪ੍ਰਸਤ ਹਨ ਤੇ ਪਰਗਟ ਸਿੰਘ ਉਨ੍ਹਾਂ ਵਿਚੋਂ ਇਕ ਹੈ। ਉਨ੍ਹਾਂ ਦੱਸਿਆ ਕਿ ਉਹ ਪੰਜਾਬ ਵਿਚ ਸਿਰਫ 12 ਉਮੀਦਵਾਰਾਂ ਦੇ ਹੱਕ ਵਿਚ ਚੋਣ ਪ੍ਰਚਾਰ ਕਰ ਰਹੇ ਹਨ ਜਿਨ੍ਹਾਂ ਵਿਚੋਂ 6 ਕਾਂਗਰਸ ਦੇ ਤੇ 6 ਸੰਯੁਕਤ ਕਿਸਾਨ ਮੋਰਚੇ ਦੇ ਉਮੀਦਵਾਰ ਹਨ। ਪਰਗਟ ਸਿੰਘ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਲਈ ਬਲਵੰਤ ਸਿੰਘ ਰਾਮੂਵਾਲੂੀਆ, ਨੌਜਵਾਨ ਆਗੂ ਹਾਰਦਿਕ ਪਟੇਲ ਵਿਸ਼ੇਸ਼ ਤੌਰ ਤੇ ਪਹੁੰਚੇ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਗਾਂਧੀ ਨੇ ਕਿਹਾ ਕਿ ਆਪ ਦੇ ਕਨਵੀਨਰ ਕੇਜਰੀਵਾਲ ਕੋਲ ਲੋਕਾਂ ਨੂੰ ਧੋਖਾ ਦੇਣ ਦੀ ਵੱਧ ਤਾਕਤ ਹੈ। ਪੰਜਾਬ ਦੇ ਲੋਕਾਂ ਨੂੰ ਜਿੰਨਾ ਆਪ ਨੇ ਗੁੰਮਰਾਹ ਕੀਤਾ ਹੈ ਉਹ ਕਿਸੇ ਵੀ ਹੋਰ ਪਾਰਟੀ ਨੇ ਨਹੀਂ ਕੀਤਾ। ਧਰਮਵੀਰ ਗਾਂਧੀ ਨੇ ਇਹ ਦੋਸ਼ ਵੀ ਲਾਇਆ ਕਿ ਆਮ ਆਦਮੀ ਪਾਰਟੀ ਆਰਐੱਸਐੱਸ ਦੀ ਵਿਚਾਰਧਾਰਾ ’ਤੇ ਦ੍ਰਿਡ਼੍ਹਤਾ ਨਾਲ ਪਹਿਰਾ ਦਿੰਦੀ ਆ ਰਹੀ ਹੈ। ਉਨ੍ਹਾਂ ਕਿਹਾ ਕਿ ਮੋਦੀ, ਕੇਜਰੀਵਾਲ ਤੇ ਬਾਦਲਾਂ ਵਿੱਚ ਇਕੋ ਗੱਲ ਸਾਂਝੀ ਹੈ ਤੇ ਉਹ ਹੈ ਪੰਜਾਬ ਨੂੰ ਲੁੱਟਣਾ। ਉਨ੍ਹਾਂ ਕਿਹਾ ਕਿ ਕਾਂਗਰਸ ਨੂੰ 35 ਸਾਲਾਂ ਦਾ ਸਮਾਂ ਲੱਗ ਗਿਆ ਜਦੋਂ ਉਨ੍ਹਾਂ ਨੇ ਇਹ ਨਾਅਰਾ ਦਿੱਤਾ ਸੀ ਕਿ ਕਾਂਗਰਸ ਹੀ ਇੰਦਰਾ ਹੈ ਤੇ ਇੰਦਰਾ ਹੀ ਕਾਂਗਰਸ ਹੈ। ਇਸੇ ਤਰ੍ਹਾਂ ਮੋਦੀ ਹੀ ਭਾਜਪਾ ਤੇ ਭਾਜਪਾ ਹੀ ਮੋਦੀ ਕਹਾਉਣ ਲਈ ਵੀ ਪਾਰਟੀ ਨੂੰ ਲੰਮੇ ਸਮੇਂ ’ਚੋਂ ਲੰਘਣਾ ਪਿਆ ਸੀ ਪਰ ਕੇਜਰੀਵਾਲ ਨੇ ਸਿਰਫ ਦੋ ਸਾਲਾਂ ਵਿਚ ਹੀ ਇਹ ਹਾਲਾਤ ਪੈਦਾ ਕਰ ਦਿੱਤੇ ਕਿ ਕੇਜਰੀਵਾਲ ਹੀ ਆਪ ਹੈ ਤੇ ਆਪ ਹੀ ਕੇਜਰੀਵਾਲ। ਡਾ. ਧਰਮਵੀਰ ਗਾਂਧੀ ਨੇ ਕਿਹਾ ਕਿ ਉਹ ਇਸ ਗੱਲ ਦੇ ਗਵਾਹ ਹਨ ਜਦੋਂ ਅੰਮ੍ਰਿਤਸਰ ਦੇ ਅੱਖਾਂ ਦੇ ਮਾਹਿਰ ਡਾਕਟਰ ਤੇ ਆਮ ਆਦਮੀ ਪਾਰਟੀ ਦੇ ਆਗੂ ਡਾ. ਦਲਜੀਤ ਸਿੰਘ ਨੂੰ ਕੇਜਰੀਵਾਲ ਨੇ ਬਹੁਤ ਬੁਰੀ ਤਰ੍ਹਾਂ ਬੇਇੱਜ਼ਤ ਕੀਤਾ ਸੀ।
ਡਾ. ਧਰਮਵੀਰ ਗਾਂਧੀ ਨੇ ਕਾਂਗਰਸੀ ਉਮੀਦਵਾਰ ਪਰਗਟ ਸਿੰਘ ਦੀ ਹਾਜ਼ਰੀ ਵਿੱਚ ਕਿਹਾ ਕਿ ਇਨ੍ਹਾਂ ਚੋਣਾਂ ਵਿੱਚ ਜਿਹਡ਼ੀ ਸਭ ਤੋਂ ਵੱਧ ਖਿਆਲ ਰੱਖਣ ਵਾਲੀ ਗੱਲ ਹੈੈ ਉਹ ‘ਆਪ’ ਵੱਲੋਂ ਦਿੱਤੇ ਜਾ ਰਹੇ ਧੋਖੇ ਤੋਂ ਬਚਣਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਵਾਂਗ ਆਮ ਆਦਮੀ ਪਾਰਟੀ ਹਿੰਦੂਤਵ ਦੇ ਏਜੰਡੇ ਨੂੰ ਲੈ ਕੇ ਚੱਲ ਰਹੀ ਹੈ। ਦਿੱਲੀ ਦੀਆਂ ਚੋਣਾਂ ਦੌਰਾਨ ਵੀ ਕੇਜਰੀਵਾਲ ਨੇ ਹਿੰਦੂਤਵ ਦੇ ਏਜੰਡੇ ਨੂੰ ਤਰਜੀਹ ਦਿੱਤੀ ਸੀ। ਉਸ ਵੇਲੇ ਕੇਜਰੀਵਾਲ ਨੇ ਆਪਣੇ ਆਗੂਆਂ ਨੂੰ ਘੱਟ ਗਿਣਤੀ ਮੁਸਲਮਾਨਾਂ ਦੇ ਹੱਕ ਜਾਣ ਤੋਂ ਰੋਕੀ ਰੱਖਿਆ ਸੀ।
ਡਾ. ਧਰਮਵੀਰ ਗਾਂਧੀ ਨੇ ਕਿਹਾ ਕਿ ਆਪ ਦੇ ਆਗੂ ਦਿੱਲੀ ਤੋਂ ਪੰਜਾਬੀਆਂ ਨੂੰ ਕੁਰਾਹੇ ਪਾਉਣ ਲਈ ਹੀ ਆਉਂਦੇ ਹਨ। ਉਨ੍ਹਾਂ ਕਿਹਾ ਕਿ ਪਰਵਾਸੀ ਪੰਜਾਬੀਆਂ ਵੱਲੋਂ ਜਿਹਡ਼ਾ ਕਰੋਡ਼ਾਂ ਦਾ ਚੋਣ ਫੰਡ ਆਇਆ ਸੀ ਉਹ ਸਾਰਾ ਖਾ ਗਏ। ਆਪ ਨੇ ਆਪਣੀ ਵੈਬਸਾਈਟ ਤੋਂ ਚੋਣ ਖਰਚੇ ਦਾ ਖਾਨਾ ਉਡਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਆਪ ਨੇ ਪੰਜਾਬੀਆਂ ਦੇ ਪੈਸਿਆਂ ਨੂੰ ਲੁੱਟਿਆ ਤੇ ਉਨ੍ਹਾਂ ਨੂੰ ਕੁਰਾਹੇ ਵੀ ਪਾ ਰਹੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੇਸ਼ ਦੀ ਨੰਬਰ ਇਕ ਫਿਰਕਾਪ੍ਰਸਤ ਪਾਰਟੀ ਹੈ। ਉਨ੍ਹਾਂ ਦੀ ਸਹਿਯੋਗੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੰਬਰ ਦੋ ’ਤੇ ਆਉਂਦੀ ਹੈ ਤੇ ਉਸ ਤੋਂ ਬਾਅਦ ਭਾਜਪਾ ਦੇ ਨਵੇਂ ਸਿਆਸੀ ਭਾਈਵਾਲ ਕੈਪਟਨ ਅਮਰਿੰਦਰ ਸਿੰਘ ਤੇ ਸੁਖਦੇਵ ਸਿੰਘ ਢੀਂਡਸਾ ਆਉਂਦੇ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਦੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਬਹੁਤ ਅਹਿਮ ਹਨ ਕਿਉਂਕਿ ਇਨ੍ਹਾਂ ਚੋਣਾਂ ਨੇ ਹੀ ਤੈਅ ਕਰਨਾ ਹੈ ਕਿ 2024 ਦੀਆਂ ਲੋਕ ਸਭਾ ਚੋਣਾਂ ਨੇ ਇਹ ਫੈਸਲਾ ਕਰਨਾ ਹੈ ਕਿ ਦੇਸ਼ ਨੇ ਕਿਸ ਰਸਤੇ ’ਤੇ ਤੁਰਨਾ ਹੈ। ਭਾਜਪਾ ਦੇ ਹਿੰਦੂਤਵੀ ਏਜੰਡੇ ਨੂੰ ਰੋਕਣ ਲਈ ਪੰਜਾਬ ਵਿੱਚ ਕਾਂਗਰਸ ਦਾ ਜਿੱਤਣਾ ਬਹੁਤ ਜ਼ਰੂਰੀ ਹੈ। ਧਰਮਵੀਰ ਗਾਂਧੀ ਨੇ ਕਿਹਾ ਕਿ ਜਿਹਡ਼ੇ ਲੋਕ ਪੰਜਾਬ ਪ੍ਰਸਤ ਲੋਕ ਹਨ ਉਨ੍ਹਾਂ ਲਈ ਉਹ ਚੋਣ ਪ੍ਰਚਾਰ ਕਰ ਰਹੇ ਹਨ। ਧਰਮਵੀਰ ਗਾਂਧੀ ਇਸ ਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਸੂਬਾਈ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਹੱਕ ਵਿੱਚ ਚੋਣ ਪ੍ਰਚਾਰ ਕਰ ਚੁੱਕੇ ਹਨ।