11 ਪਿੰਡਾਂ ਵਿੱਚ 150 ਕਰੋੜ ਦੇ ਸੀਵਰੇਜ ਤੇ ਪੀਣ ਵਾਲੇ ਪਾਣੀ ਦੀਆਂ ਪਾਇਪਾਂ ਪਾਉਣ ਦੇ ਚੱਲ ਰਹੇ ਨੇ ਪ੍ਰੋਜੈਕਟ

BURNING NEWS RAJESH SHARMA 

ਜਲੰਧਰ,5 ਫਰਵਰੀ

ਛਾਉਣੀ ਹਲਕੇ ਦੇ ਜਿਹੜੇ 11 ਪਿੰਡ ਨਗਰ ਨਿਗਮ ਵਿੱਚ ਸ਼ਾਮਲ ਹੋਏ ਹਨ ਉਨ੍ਹਾਂ ਪਿੰਡਾਂ ਵਿੱਚ ਸੀਵਰੇਜ ਤੇ ਪੀਣ ਵਾਲੇ ਪਾਣੀ ਦੀਆਂ ਪਾਇਪਾਂ ਪਾਉਣ ਸਮੇਤ ਹੋਰ ਵਿਕਾਸ ਕਾਰਜਾਂ ‘ਤੇ 150 ਕਰੋੜ ਦੀ ਵੱਡੀ ਰਕਮ ਖਰਚੀ ਜਾ ਰਹੀ ਹੈ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜਲੰਧਰ ਛਾਉਣੀ ਤੋਂ ਚੋਣ ਲੜ ਰਹੇ ਕਾਂਗਰਸ ਦੇ ਉਮੀਦਵਾਰ ਪਰਗਟ ਸਿੰਘ ਨੇ ਇੰਨ੍ਹਾਂ ਪਿੰਡਾਂ ਵਿੱਚ ਚੋਣ ਮੀਟਿੰਗਾਂ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਕੋਰੋਨਾ ਕਾਰਨ ਕੰਮ ਲੇਟ ਸ਼ੁਰੂ ਹੋਏ ਹਨ ਪਰ ਇੰਨ੍ਹਾਂ ਕੰਮਾਂ ਦੇ ਸਿਰੇ੍ਹ ਚੜ੍ਹਨ ਨਾਲ ਪਿੰਡਾਂ ਵਿੱਚ ਸੀਵਰੇਜ ਅਤੇ ਪੀਣ ਵਾਲੇ ਪਾਣੀ ਦੀਆਂ ਸਮੱਸਿਆਵਾਂ ਪੱਕੇ ਤੌਰ ‘ਤੇ ਦੂਰ ਹੋ ਜਾਣਗੀਆਂ।ਉਨ੍ਹਾਂ ਦੱਸਿਆ ਕਿ ਜਿਹੜੇ ਪਿੰਡ ਵੱਡੇ ਹੋ ਗਏ ਸਨ ਉਨ੍ਹਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਦੇਣ ਲਈ ਹੀ ਇੰਨ੍ਹਾਂ ਨੂੰ ਸ਼ਹਿਰ ਵਿੱਚ ਲਿਆਉਣਾ ਜਰੂਰੀ ਹੋ ਗਿਆ ਸੀ।ਪਰਗਟ ਸਿੰਘ ਨੇ ਕਿਹਾ ਕਿ ਇੰਨ੍ਹਾਂ ਪਿੰਡਾਂ ਤੋਂ ਇਲਾਵਾ ਛਾਉਣੀ ਹਲਕੇ ਦੇ ਹੋਰ ਪਿੰਡਾਂ ਵਿੱਚ ਵੀ ਵਿਕਾਸ ਕਾਰਜ ਤੇਜ਼ੀ ਨਾਲ ਹੋ ਰਹੇ ਹਨ ਤੇ ਬਹੁਤੇ ਤਾਂ ਮੁਕੰਮਲ ਹੋ ਚੁੱਕੇ ਹਨ।
ਪਰਗਟ ਸਿੰਘ ਨੇ ਇੰਨ੍ਹਾਂ 11 ਪਿੰਡਾਂ ਨੂੰ ਦਿੱਤੀਆਂ ਗਰਾਂਟਾ ਦਾ ਜ਼ਿਕਰ ਕਰਦਿਆ ਦੱਸਿਆ ਕਿ 70 ਕਰੋੜ ਦੇ ਕਰੀਬ ਸੀਵਰੇਜ ਪਾਇਆ ਜਾ ਰਿਹਾ ਹੈ ਤੇ 35 ਕਰੋੜ ਵਿੱਚ ਪੀਣ ਵਾਲੇ ਪਾਣੀ ਦੀਆਂ ਪਾਇਪਾਂ ਪਾਈਆਂ ਜਾ ਰਹੀਆਂ ਹਨ।ਇੰਸ ਤੋਂ ਇਸ 40 ਤੋਂ 45 ਕਰੋੜ ਦੀਆਂ ਸੜਕਾਂ ਤੇ ਹੋਰ ਵਿਕਾਸ ਦੇ ਕੰਮ ਕੀਤੇ ਜਾ ਰਹੇ ਹਨ ਤੇ ਇੰਨ੍ਹਾਂ ਸਾਰੇ ਕੰਮਾਂ ‘ਤੇ 150 ਕਰੋੜ ਦੇ ਕਰੀਬ ਰਕਮ ਖਰਚੀ ਜਾ ਰਹੀ ਹੈ।ਵਿਰੋਧੀਆਂ ਵੱਲੋਂ ਕੀਤੇ ਜਾ ਰਹੇ ਗੁੰਮਰਾਹਕੁੰਨ ਪ੍ਰਚਾਰ ਦਾ ਮੂੰਹ ਤੋੜਵਾ ਜਵਾਬ ਦਿੰਦਿਆ ਪਰਗਟ ਸਿੰਘ ਨੇ ਕਿਹਾ ਕਿ ਸੀਵਰੇਜ ਪਾਉਣ ਲਈ ਸੜਕਾਂ ਤਾਂ ਪੁੱਟਣੀਆਂ ਹੀ ਪੈਣਗੀਆਂ । ਇਹ ਸਮਸਿਆ ਤਾਂ ਥੋੜ੍ਹੇ ਦਿਨਾਂ ਦੀ ਗੱਲ ਹੈ ਪਰ ਇੰਨ੍ਹਾਂ ਪਿੰਡਾਂ ਦੀ ਸਮਸਿਆ ਦਾ ਹੱਲ ਵੀ ਪੱਕਾ ਹੋ ਜਾਣਾ ਹੈ ਉਸ ਬਾਰੇ ਦੱਸਣ ਲੱਗਿਆ ਤਾਂ ਵਿਰੋਧੀਆਂ ਦੇ ਮੂੰਹ ਵਿੱਚ ਘੁੰਗਣੀਆਂ ਪੈ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਇੱਥੋਂ ਵਿਰੋਧੀਆਂ ਦੀ ਸਮਝ ਦਾ ਪਤਾ ਚੱਲਦਾ ਹੈ।ਵਿਰੋਧੀਆਂ ਨੂੰ ਜਦੋਂ ਹਲਕੇ ਵਿੱਚ ਵਿਰੋਧ ਕਰਨ ਵਾਲਾ ਕੋਈ ਵੀ ਮੁੱਦਾ ਨਹੀਂ ਲੱਭਾ ਤਾਂ ਉਨ੍ਹਾਂ ਨੇ ਇਹ ਕੂੜ ਪ੍ਰਚਾਰ ਸ਼ੁਰੂ ਕਰ ਦਿੱਤਾ ਕਿ ਸੜਕਾਂ ਪੁੱਟਣ ਨਾਲ ਗਾਰਾ ਹੋ ਗਿਆ ਹੈ।
ਪਰਗਟ ਸਿੰਘ ਨੇ ਕਿਹਾ ਕਿ ਇੰਨ੍ਹਾਂ ਪਿੰਡਾਂ ਦੇ ਲੋਕ ਬੜੇ ਸਮਝਦਾਰ ਹਨ ਤੇ ਉਹ ਸਾਰੀਆਂ ਸਮਸਿਆਵਾਂ ਨੂੰ ਬਾਖੂਬੀ ਜਾਣਦੇ ਹਨ ਕਿ ਇਹ ਕੰਮ ਦੇਰ ਹੋਣ ਵਿੱਚ ਕਿਹੜੇ ਹਾਲਾਤ ਜੁੰਮੇਵਾਰ ਰਹੇ ਸਨ।ਉਧਰ ਪਿੰਡ ਦੇ ਲੋਕਾਂ ਨੇ ਕਿਹਾ ਕਿ ਪਰਗਟ ਸਿੰਘ ਵੱਲੋਂ ਕੀਤੇ ਗਏ ਅਣਥੱਕ ਯਤਨਾਂ ਸਦਕਾ ਉਨ੍ਹਾਂ ਨੂੰ ਸ਼ਹਿਰ ਵਰਗੀਆਂ ਸੁਖ ਸਹੂਲਤਾਂ ਮਿਲਣ ਲੱਗ ਪਈਆ ਹਨ।ਮਹਿੰਦਰ ਸਿੰਘ, ਪਿਆਰਾ ਸਿੰਘ ਤੇ ਬੱਚਿਤਰ ਸਿੰਘ ਨੇ ਕਿਹਾ ਕਿ ਜਿੰਨ੍ਹੀ ਇਮਾਨਦਾਰੀ ਤੇ ਨੇਕ ਨੀਤੀ ਨਾਲ ਪਰਗਟ ਸਿੰਘ ਕੰਮ ਕਰਵਾ ਰਹੇ ਹਨ, ਲੋਕ ਉਨ੍ਹਾਂ ਨੂੰ ਸਲਾਮ ਕਰ ਰਹੇ ਹਨ।