BURNING NEWS RAJESH SHARMA
ਜਲੰਧਰ ਕੈਂਟ ਹਲਕੇ ਦੇ ਵਿਕਾਸ ਅਤੇ ਨੌਜਵਾਨਾਂ ਦੇ ਬੇਹਤਰ ਭਵਿੱਖ ਲਈ ਹਰ ਵੋਟਰ ਨੂੰ ਸਹੀ ਅਤੇ ਸਾਫ ਸੁਥਰੇ ਅਕਸ ਵਾਲੇ ਉਮੀਦਵਾਰ ਦੀ ਚੋਣ ਕਰਨੀ ਚਾਹੀਦੀ ਹੈ। ਇਹ ਵਿਚਾਰ ਜਲੰਧਰ ਕੈਂਟ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਪਰਗਟ ਸਿੰਘ ਨੇ ਚੋਣ ਪ੍ਰਚਾਰ ਦੇ ਆਖਰੀ
ਦਿਨ ਵੱਖ ਵੱਖ ਇਲਾਕਿਆਂ ਵਿੱਚ ਕੀਤੇ ਚੋਣ ਪ੍ਰਚਾਰ ਦੌਰਾਨ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਜਲੰਧਰ ਕੈਂਟ ਹਲਕੇ ਦੇ ਵੋਟਰ ਬਹੁਤ ਸੂਝਵਾਨ ਹਨ ਅਤੇ ਉਨ੍ਹਾਂ ਨੇ ਪਹਿਲਾਂ ਵੀ ਆਪਣੀ ਸਾਫ ਸੁਥਰੀ ਅਤੇ ਬੇਹੱਤਰ ਭਵਿੱਖ ਵਾਲੀ ਸੋਚ ਨਾਲ ਵੋਟਾਂ ਪਾਈਆਂ ਹਨ। ਉਨ੍ਹਾਂ ਕਿਹਾ ਕਿ ਦੂਜੇ ਉਮੀਦਵਾਰਾਂ ਦੇ ਕਿਰਦਾਰ ਦੀ ਪੜਚੋਲ ਕਰਕੇ ਹੀ ਆਪਣਾ ਫੈਸਲਾ ਲਿਆ ਜਾਵੇ। ਪਰਗਟ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਹਮੇਸ਼ਾਂ ਸੋਚ ਰਹੀ ਹੈ ਕਿ ਜਲੰਧਰ ਕੈਂਟ ਹਲਕੇ ਨੂੰ ਬੇਹਤਰੀਨ ਹਲਕਾ ਬਣਾਇਆ ਜਾਵੇ ਅਤੇ ਹਲਕੇ ਦੇ ਵਸਨੀਕਾਂ ਨੂੰ ਸਾਰੀਆਂ ਸੁਖ ਸਹੂਲਤਾਂ ਮਿਲ ਸਕਣ। ਪਿਛਲੇ ਸਮੇਂ ਦੌਰਾਨ ਇਸ ਸਬੰਧ ਵਿੱਚ ਆਪਣੀਆਂ ਹੀ ਸਰਕਾਰਾਂ ਨਾਲ ਟੱਕਰ ਵੀ ਲੈਣੀ ਪਈ ਹੈ। ਪਿਛਲੇ ਕੁਝ ਮਹੀਨਿਆਂ ਵਿੱਚ ਜਲੰਧਰ ਕੈਂਟ ਹਲਕੇ ਦੇ ਵਿਕਾਸ ਲਈ ਫੰਡਾਂ ਦੇ ਗੱਫੇ ਦਿੱਤੇ ਗਏ ਹਨ ਜਿਨ੍ਹਾਂ ਨਾਲ ਹਲਕੇ ਦੇ ਵੱਖ ਵੱਖ ਇਲਾਕਿਆਂ ਵਿੱਚ ਵਿਕਾਸ ਕਾਰਜ ਜਾਰੀ ਹਨ। ਆਉਣ ਵਾਲੇ ਸਮੇਂ ਵਿੱਚ ਬਾਕੀ ਰਹਿੰਦੇ ਵਿਕਾਸ ਕਾਰਜ ਵੀ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਅਜੇ ਵੀ ਕੈਂਟ ਹਲਕੇ ਵਿੱਚ ਬਹੁਤ ਸਾਰੇ ਕੰਮ ਬਾਕੀ ਰਹਿੰਦੇ ਹਨ ਜਿਨ੍ਹਾਂ ਨੂੰ ਪੂਰਾ ਕਰਨਾ ਹਮੇਸ਼ਾਂ ਉਨ੍ਹਾਂ ਦੀ ਪਹਿਲ ਰਹੇਗੀ।
ਪਰਗਟ ਸਿੰਘ ਦੇ ਸਪੱੁਤਰ ਹਰਤਾਜ ਪਰਗਟ ਨੇ ਹਲਕੇ ਵਿੱਚ ਨੌਜਵਾਨਾਂ ਦੇ ਨਾਲ ਪਦ ਯਾਤਰਾ ਕੀਤੀ। ਇਹ ਪਦ ਯਾਤਰਾ ਜੰਡਿਆਲਾ ਤੋਂ ਸ਼ੁਰੂ ਹੋ ਕੇ ਜਮਸ਼ੇਰ, ਫੋਲੜੀਵਾਲ, 66 ਫੁੱਟੀ ਰੋਡ, ਅਰਬਨ ਅਸਟੇਟ, ਗੜ੍ਹਾ, ਮਾਡਲ ਟਾਊਨ, ਗੁਰੁ ਤੇਗ ਬਹਾਦੁਰ ਨਗਰ, ਖੁਰਲਾ ਕਿੰਗਰਾ, ਕੁੱਕੀ ਢਾਬ, ਮਿੱਠਾਪੁਰ ਚੌਂਕ, ਪੀਪੀਆਰ ਮਾਲ ਆ ਕੇ ਸਮਾਪਤ ਹੋਈ। ਸਮਾਪਤੀ ਤੇ ਪਰਗਟ ਸਿੰਘ ਨੇ ਨੌਜਵਾਨਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਵਿੱਚ ਬੇਰੁਜ਼ਗਾਰੀ ਦੂਰ ਕਰਨ ਲਈ ਹੰਭਲੇ ਮਾਰਨ ਦੀ ਲੋੜ ਹੈ ਅਤੇ ਇਹ ਕੰਮ ਕਾਂਗਰਸ ਸਰਕਾਰ ਹੀ ਕਰ ਸਕਦੀ ਹੈ। ਇਸ ਲਈ ਪੰਜਾਬ ਵਿੱਚ ਕਾਂਗਰਸ ਸਰਕਾਰ ਦੋਬਾਰਾ ਲਿਆਉਣ ਦੀ ਲੋੜ ਹੈ।